ਕੱਲ ਇਕ ਸਮਾਜਕ ਫੰਕਸ਼ਨ ਵਿਚ ਭਾਗ ਲੈਣ ਬੇ-ਏਰੀਆ ਦੇ ਇਕ ਵੱਡੇ ਗੁਰਦੁਆਰੇ ਗਿਆ। ਉੱਥੋਂ ਦੇ ਸੇਵਾਦਾਰਾਂ ਦਾ ਵਰਤਾਓ ਦੇਖ ਕੇ ਇਕ ਤੋਂ ਬਾਦ ਇਕ ਹੈਰਾਨੀ ਹੋਈ। ਬਾਣੀ ਤੇ ਗਿਆਨ ਧਿਆਨ ਨਾਲੋਂ ਇਹ ਇੰਨਾਂ ਟੁਟ ਗਏ ਲਗਦੇ ਹਨ ਕਿ ਇਹਨਾਂ ਗੁਰੂ ਘਰ ਆਈ ਸੰਗਤ ਨੂੰ ਗੁਰੂ-ਰੂਪ ਤਾਂ ਸਮਝਣਾ ਕੀ, ਉਸ ਨੂੰ ਸਾਧਾਰਨ ਬੰਦਾ ਵੀ ਨਹੀਂ ਸਮਝਦੇ। ਪਹਿਲਾਂ ਮੱਥਾ ਟੇਕ ਕੇ ਪ੍ਰਸ਼ਾਦ ਲੈਣ ਗਿਆ ਤਾਂ ਪ੍ਰਸ਼ਾਦ ਵੰਡਣ ਵਾਲਾ ਭਾਈ ਨੰਗੇ ਹੱਥੀ ਹੀ ਮੁੱਠੀ ਵਿਚ ਕੜਾਹ ਪ੍ਰਸਾਦ ਦਾ ਪੇੜਾ ਜਿਹਾ ਵੱਟ ਕੇ ਮੇਰੇ ਹੱਥਾਂ ਤੇ ਰੱਖਣ ਦੀ ਕੋਸ਼ਿਸ਼ ਕਰੇ। ਮੈਂ ਇਹ ਹਾਈਜ਼ੀਨ-ਰਹਿਤ ਵਤੀਰਾ ਦੇਖ ਉਸ ਤੋਂ ਇਕ ਨੈਪਕਿਨ ਮੰਗਿਆ ਜੋ ਉਸ ਨੇ ਜਾਣ ਕੇ ਪਰ੍ਹੇ ਰੱਖੋ ਹੋਏ ਸਨ। ਉਹ ਕਹੇ ਕਿ ਮੈਂ ਬਿਨਾਂ ਨੈਪਕਿਨ ਤੋਂ ਹੀ ਨੰਗੇ ਹੱਥਾਂ ਤੇ ਪ੍ਰਸਾਦ ਪੁਆਵਾਂ। ਮੈਂ ਉਸ ਨੂੰ ਕਿਹਾ ਕਿ ਉਹ ਮੈਨੂੰ ਨੰਗੇ ਹੱਥੀ ਪ੍ਰਸਾਦ ਲੈਣ ਤੇ ਕਿਉਂ ਮਜ਼ਬੂਰ ਨਾ ਕਰੇ ਸਗੋਂ ਆਪ ਵੀ ਕਿਸੇ ਚਮਚੇ ਕੜਛੀ ਦੀ ਵਰਤੋਂ ਕਰੇ। ਜੇ ਨੈਪਕਿਨ ਪ੍ਰਸਾਦ ਲੈਣ ਵਾਲੇ ਨੂੰ ਦੇਣ ਲਈ ਹੀ ਰੱਖੇ ਹਨ ਤਾਂ ਨੈਪਕਿਨ ਤੇ ਪ੍ਰਸਾਦ ਪੁਆਉਣ ਕਿਉਂ ਨਹੀਂ ਦੇ ਰਿਹਾ। ਉਸ ਨੇ ਰੰਜਿਸ਼ ਜਿਹੀ ਖਾ ਕੇ ਨੈਪਕਿਨ ਤਾਂ ਦੇ ਦਿੱਤਾ ਪਰ ਜ਼ਿਦ ਕੀਤੀ ਕਿ ਮੈਂ ਹੱਥਾਂ ਦਾ ਇਕ ਬਾਊਲ ਜਿਹਾ ਬਣਾ ਕੇ ਹੀ ਪ੍ਰਸਾਦ ਲਵਾਂ। ਜਦੋਂ ਤੀਕਰ ਮੈਂ ਭੀਖ ਮੁਦਰਾ ਵਿਚ ਹੱਥ ਨਹੀਂ ਕੀਤੇ ਉਸ ਨੇ ਪ੍ਰਸਾਦ ਨਹੀਂ ਦਿੱਤਾ। ਮੈਨੂੰ ਸਮਝ ਵਿਚ ਨਾ ਆਇਆ ਕਿ ਉਹ ਕਰਮ-ਕਾਂਡ ਦੀ ਗੁੜ੍ਹਤੀ ਰਾਹੀਂ ਮੇਰੇ ਵਿਚ ਅੰਨ੍ਹੀ ਸਰਧਾ ਕਿਉਂ ਪੈਦਾ ਕਰ ਰਿਹਾ ਸੀ। ਕੀ ਗੁਰਬਾਣੀ ਵਿਚ ਕੋਈ ਕਮੀ ਹੈ ਜਿਸ ਵਿਚ ਸ਼ਰਧਾ ਪੈਦਾ ਕਰਨ ਲਈ ਅਜਿਹਾ ਕੁਝ ਵਾਧੂ ਕਰਨ ਦੀ ਲੋੜ ਹੋਵੇ?
ਮੱਥਾ ਟੇਕ ਕੇ ਮੈਂ ਬਾਹਰ ਗਿਆ ਤਾਂ ਨਿਮੰਤਰਣ ਦੇਣ ਵਾਲੇ ਸੱਜਣਾਂ ਨੂੰ ਲੱਭਣ ਲੱਗਿਆ। ਲੰਗਰ ਹਾਲ ਦੇ ਬਾਹਰ ਦੋ ਸੇਵਾਦਾਰ ਇਕ ਖਾਲੀ ਟੱਬ ਨੂੰ ਚੁੱਕੀ ਆਪਣੀ ਵਲ ਭੱਜੇ ਆਉਂਦੇ ਦਿਖਾਈ ਦਿੱਤੇ। ਮੇਰੇ ਕੋਲ ਦੀ ਲੰਘਣ ਵੇਲੇ ਉਨ੍ਹਾਂ ਚੋਂ ਇਕ ਬੋਲਿਆ, "ਪਰ੍ਹੇ ਹੋ ਓਇ ਰਸਤੇ ਚ ਖੜ੍ਹਿਆ ਐਂ।" ਮੈਨੂੰ ਦੁਖ ਹੋਇਆ ਕਿ ਗੁਰਦੁਆਰੇ ਵਿਚ ਕੋਈ ਸੇਵਾਦਾਰ ਸੰਗਤ ਨੂੰ ਅਜਿਹੀ ਭਾਸ਼ਾ ਬੋਲੇ। ਮੈਂ ਉਸ ਨੂੰ ਰੋਕ ਕੇ ਪੁੱਛਣ ਦਾ ਯਤਨ ਕੀਤਾ ਪਰ ਉਹ ਨਾ ਰੁਕਿਆ। ਮੈਂ ਉਸ ਦੇ ਸਾਥੀ ਨੂੰ ਕਿਹਾ ਕਿ ਉਹ ਉਸ ਨੂੰ ਬਾਹਰ ਭੇਜੇ। ਜਦੋਂ ਉਸ ਦਾ ਸਾਥੀ ਉਸ ਨੂੰ ਬਾਹਰ ਲੈ ਕੇ ਆਇਆ ਤਾਂ ਮੈਂ ਉਸ ਨੂੰ ਕਿਹਾ ਕਿ ਸੰਗਤ ਬਾਬੇ ਨਾਨਕ ਦੀ ਮਹਿਮਾਨ ਸਰੂਪ ਹੁੰਦੀ ਹੈ ਤੇ ਉਸ ਦੇ ਦਰਸ਼ਨਾ ਦੀ ਅਭਿਲਾਸੀ ਹੈ ਇਸ ਲਈ ਇਸ ਨੂੰ ਅਵਾ ਤਵਾ ਨਹੀਂ ਬੋਲੀਦਾ। ਉਹ ਥਾਂ ਈ ਮੁੱਕਰ ਗਿਆ ਤੇ ਝੱਟ ਉਥੋਂ ਚਲਾ ਗਿਆ।
ਪਿਛਲੇ ਦਿਨ ਦੇ ਘੁੰਡ ਚੁਕਾਈ ਫੰਕਸ਼ਨ ਤੋਂ ਬਚੀਆਂ ਮੇਰੇ ਕੋਲ ਮੇਰੀ ਪੁਸਤਕ "ਜਪੁਜੀ ਦਾ ਰੱਬ' ਦੀਆਂ ਦੋ ਕਾਪੀਆਂ ਪਈਆਂ ਸਨ। ਮੈਂ ਸੋਚਿਆ ਇਸ ਗੁਰਦੁਆਰੇ ਵਿਚ ਇਕ ਲਾਇਬ੍ਰੇਰੀ ਹੁੰਦੀ ਸੀ, ਉਸ ਵਿਚ ਭੇਂਟ ਕਰ ਦਿੰਦਾ ਹਾਂ। ਅੰਦਾਜੇ ਨਾਲ ਮੈਂ ਉਸ ਬੜੇ ਹੀ ਨਿਕੇ ਜਿਹੇ ਕਮਰੇ ਦੇ ਬਾਹਰ ਚਲਾ ਗਿਆ ਜਿਸ ਨੂੰ ਮੈਂ ਲਾਇਬ੍ਰੇਰੀ ਸਮਝਦਾ ਸਾਂ। ਅੰਦਰ ਕਿਤਾਬਾਂ ਤੋਂ ਬਿਨਾਂ ਹੋਰ ਬਹੁਤ ਕੁਝ ਦੇਖ ਕੇ ਮੈਂ ਦਰਵਾਜੇ ਨਾਲ ਹੀ ਇਕ ਰਜਿਸਟਰ ਤੇ ਕੁਝ ਹਿਸਾਬ ਕਿਤਾਬ ਕਰਦੇ ਭਾਈ ਤੋਂ ਪੁੱਛਿਆ. "ਗਿਆਨੀ ਜੀ ਇੱਥੇ ਲਾਇਬ੍ਰੇਰੀ ਹੁੰਦੀ ਸੀ ਕਿੱਥੇ ਚਲੀ ਗਈ? ਉਹ ਬੋਲਿਆ,“ਕਿੱਥੇ ਚਲੀ ਗਈ? ਦਿਖਦੀ ਨਹੀਂ, ਲਾਇਬ੍ਰੇਰੀ ਹੀ ਆ ਇਹ।" ਮੈਂ ਫਿਰ ਕਿਹਾ "ਕਿਤਾਬਾਂ ਕਿੱਥੇ ਨੇ ਇਸ ਦੀਆਂ? ਉਸ ਨੇ ਇਕ ਖੂੰਜੇ ਵਿਚ ਰੁਮਾਲਿਆਂ ਹੇਠ ਦਬੀਆਂ ਤੇ ਹੇਠਲੇ ਖਾਨੇ ਵਿਚ ਪਈਆਂ ਦਸ ਪੰਦਰਾਂ ਕਿਤਾਬਾਂ ਵਲ ਹੱਥ ਕਰਦਿਆਂ ਕਿਹਾ,”ਕਿਤਾਬਾਂ ਨਹੀਂ ਹੋਰ ਕੀ ਆ ਇਹ?” ਮੈਂ ਉਸ ਨੂੰ ਪੁੱਛਿਆ ਕਿ ਕੀ ਮੈਂ ਕੁਝ ਕਿਤਾਬਾਂ ਦੇ ਸਕਦਾ ਹਾਂ ਇੱਥੇ? ਉਹ ਇਕ ਦਮ ਬੋਲਿਆ, "ਨਾ"। ਮੈਂ ਉਸ ਨੂੰ ਹੈਰਾਨ ਹੋ ਕੇ ਕਿਹਾ, "ਗਿਆਨੀ ਜੀ ਤੁਸੀੰ ਪਹਿਲੇ ਲਾਇਬ੍ਰੇਰੀਅਨ ਦੇਖੇ ਹੋ ਜੋ ਕਿਤਾਬਾਂ ਲੈਣ ਤੋਂ ਵੀ ਨਾਂਹ ਕਰ ਰਹੇ ਹੋ।" ਉਸ ਨੇ ਛਿੱਥੇ ਹੋ ਕੇ ਕਿਹਾ, “ਯਾਰ ਤੂੰ ਚਾਹੁੰਦਾ ਕੀ ਐਂ? ਅਸੀਂ ਨਹੀਂ ਦਿੰਦੇ ਕਿਸੇ ਨੂੰ ਕਿਤਾਬ।” ਮੈਂ ਕਿਹਾ ਗਿਆਨੀ ਜੀ ਮੈਂ ਲੈਣ ਦੀ ਨਹੀਂ ਦੇਣ ਦੀ ਗੱਲ ਕਰ ਰਿਹਾ ਹਾਂ। ਕਿਤਾਬਾਂ ਭੇਂਟ ਕਰਨੀਆਂ ਹਨ।" ਉਹ ਬੋਲਿਆ, "ਕਿਹੜੀਆਂ ਕਿਤਾਬਾਂ ਹਨ ਲਿਆ ਦਿਖਾ।" ਮੈਂ ਉਸ ਤੋਂ ਦੋ ਮਿੰਟ ਦੀ ਮੁਹਲਤ ਲੈ ਕੇ ਗੱਡੀ ਵਿਚੋਂ ਕਿਤਾਬਾਂ ਲੈਣ ਚਲਾ ਗਿਆ। ਵਾਪਸ ਆਇਆ ਤਾਂ ਉਸ ਕੋਲ ਇਕ ਹੋਰ ਸੱਜਣ ਆ ਖੜ੍ਹਾ ਹੋਇਆ ਸੀ ਜੋ ਗੁਰਦੁਆਰੇ ਦਾ ਕੋਈ ਛੋਟਾ ਮੋਟਾ ਪ੍ਰਬੰਧਕ ਹੀ ਲਗਦਾ ਸੀ। ਮੈਂ ਬੈਠੇ ਸੱਜਣ ਵਲ ਇਕ ਕਿਤਾਬ ਵਧਾਈ। ਨਾ ਉਸ ਨੇ ਤੇ ਨਾਂ ਉਸ ਦੇ ਕੋਲ ਖੜ੍ਹੇ ਪ੍ਰਬੰਧਕ ਨੇ "ਜਪੁਜੀ ਦਾ ਰੱਬ" ਸਿਰਲੇਖ ਵਾਲੀ ਕਿਤਾਬ ਨੂੰ ਖੋਹਲ ਕੇ ਦੇਖਿਆ ਸਗੋਂ ਕਿਸੇ ਨਿਗੁਣੀ ਚੀਜ਼ ਵਾਂਗ ਪਟਕਿਆਂ ਵਾਲੇ ਖਾਨੇ ਵਿਚ ਸੁਟ ਦਿੱਤਾ। ਮੇਰੇ ਹੱਥ ਵਾਲੀ ਦੂਜੀ ਕਿਤਾਬ ਵਲ ਦੇਖ ਕੇ ਉਹ ਕਹਿਣ ਲੱਗਾ, "ਇਹ ਨਹੀਂ ਦੇਣੀ?" ਮੈਂ ਕਿਹਾ, "ਗਿਆਨੀ ਜੀ ਇਹ ਮੈਂ ਉਸ ਜਗਿਆਸੂ ਨੂੰ ਦਿਆਂਗਾ ਜੋ ਇਸ ਦਾ ਟਾਈਟਲ ਪੜ੍ਹ ਕੇ ਮੇਰੇ ਕੋਲੋਂ ਮੰਗੇਗਾ।"
ਉਸ ਦੇ ਬੋਲਣ ਤੋਂ ਪਹਿਲਾਂ ਹੀ ਉਸ ਕੋਲ ਖੜਿਆ ਪ੍ਰਬੰਧਕ ਲਗਦਾ ਸੱਜਣ ਬੋਲਿਆ, "ਜਾਹ ਚੰਗਾ ਦੇ ਦੀਂ।" ਮੈਨੂੰ ਉਸ ਗੁਰਦੁਆਰੇ ਦੀ ਲਾਇਬ੍ਰੇਰੀ ਤੇ ਉਥੋਂ ਦੇ ਲਾਇਬ੍ਰੇਰੀਅਨ ਦੇਖ ਕੇ ਬੜੀ ਵੀ ਨਿਰਾਸ਼ਾ ਹੋਈ। ਮੈਂ ਇਹ ਨਿਸ਼ਕਰਸ਼ ਕੱਢਿਆ ਕਿ ਗੁਰਦੁਆਰੇ ਵਿਚ ਤਾਂ ਹੁਣ ਓਹ "ਰੱਬ" ਵੀ ਨਹੀਂ ਰਿਹਾ ਜੋ ਬਾਹਰ ਹੈ।