ਇਕ ਅਜੀਬ ਪ੍ਰਸ਼ਨ- ਇਹ ਇਕ ਅਜੀਬ ਜਿਹਾ ਸਵਾਲ ਹੈ! ਇਸ ਤਰ੍ਹਾਂ ਦਾ ਸਵਾਲ ਕੇਵਲ ਪੰਜਾਬੀ ਦੇ ਵਿਦਵਾਨ ਹੀ ਉਠਾ ਸਕਦੇ ਹਨ। ਪਰ ਇਸ ਸਵਾਲ ਦਾ ਜਵਾਬ ਵੀ ਇਕ ਸਵਾਲ ਹੀ ਬਣਦਾ ਹੈ। ਕੀ ਦਰਜਨਾਂ ਪੁਸਤਕਾਂ (Books) ਦਾ ਲਿਖਾਰੀ (Author), ਦਰਜਨਾਂ ਹੀ ਯੂ ਟਿਊਬ ਵੀਡੀਓਜ਼ ਦਾ ਨਿਰਮਾਤਾ, ਦਰਜ਼ਨਾਂ (Score) ਅੰਤਰਰਾਸ਼ਟਰੀ ਗੋਸ਼ਟੀਆਂ ਦਾ ਭਾਗੀਦਾਰ ਤੇ ਗੁਰਮਤ ਕਾਲਜਾਂ ਵਿਚ ਅਧਿਆਪਕ (Teacher) ਰਿਹਾ ਗੁਰਬਾਣੀ ਦਾ ਜਾਣਿਆ ਮਾਣਿਆ ਵਿਆਖਿਆਕਾਰ ਪ੍ਰੋਫੈਸਰ (Professor) ਇੰਦਰ ਸਿੰਘ ਘੱਗਾ ਅਨਪੜ੍ਹ ਹੋ ਸਕਦਾ ਹੈ? ਜੇ ਹੈ ਤਾਂ ਉਸ ਦੀਆਂ ਪੁਸਤਕਾਂ ਕਿਸ ਨੇ ਲਿਖੀਆਂ ਹਨ?
ਇਹ ਪ੍ਹਸ਼ਨ ਕਿਉਂ?- ਪ੍ਰਸਨ ਪੈਦਾ ਇਸ ਲਈ ਹੋਇਆ ਹੈ ਕਿ ਅੱਜ ਕੱਲ ਦੇ ਬਹੁਤ ਸਾਰੇ ਵਿਦਵਾਨ ਪ੍ਰੋਫੈਸਰ ਘੱਗਾ ਨੂੰ ਅਨਪੜ ਕਹਿੰਦੇ ਹਨ। ਕਈਆਂ ਨੂੰ ਤਾਂ ਉਨ੍ਹਾਂ ਦੇ ਨਾਂ ਅੱਗੇ ਪ੍ਰੋਫੈਸਰ ਲਾਉਣ ਤੇ ਵੀ ਇਤਰਾਜ਼ ਹੈ। ਕਈ ਵਾਰ ਤਾਂ ਕਟਾਕਸ਼ ਕਰਦਿਆਂ ਇੰਦਰ ਸਿੰਘ ਘੱਗਾ ਆਪਣੇ ਆਪ ਨੂੰ ਆਪ ਹੀ ਅਨਪੜ੍ਹ ਕਹਿ ਦਿੰਦੇ ਹਨ।
ਦਲੀਲ- ਉਹਨਾਂ ਨੂੰ ਅਨਪੜ (Illiterate) ਕਹਿਣ ਵਾਲੇ ਵਿਦਵਾਨਾਂ (Intellectuals) ਤੇ ਬਹਿਸਕਾਰਾਂ ਦੀ ਦਲੀਲ ਹੈ ਕਿ ਉਨ੍ਹਾਂ ਨੇ ਕੋਈ ਉਪਚਾਰਿਕ ਵਿਦਿਅਕ ਡਿਗਰੀ ਹਾਸਲ ਨਹੀਂ ਕੀਤੀ ਹੋਈ ਹੈ ਅਤੇ ਬਿਨਾਂ ਕਿਸੇ ਯੂਨੀਵਰਸਿਟੀ (University) ਡਿਗਰੀ ਤੋਂ ਕੋਈ ਵਿਅਕਤੀ ਪ੍ਰੋਫੈਸਰ ਤਾਂ ਕੀ ਸਾਧਾਰਣ ਗਿਆਨੀ ਵੀ ਨਹੀਂ ਹੋ ਸਕਦਾ। ਪਰ ਇਸ ਗੱਲ ਦਾ ਸੱਚ ਪ੍ਰੋਫੈਸਰ ਘੱਗਾ ਨੇ ਖੁਦ ਹੀ ਕਈ ਵਾਰ ਦੱਸਣ ਦੀ ਕੋਸਿਸ਼ ਕੀਤੀ ਹੈ।
ਪਿਛੋਕੜ- ਇਕ ਇੰਟਰਵੀਊ ਵਿਚ ਮੀਡੀਆ (Media) ਸਾਹਮਣੇ ਹੋ ਕੇ ਉਨਾਂ ਨੇ ਆਪ ਦੱਸਿਆ ਹੈ ਕਿ ਉਹ ਕਦੇ ਸਕੂਲ ਨਹੀਂ ਗਏ। ਇਸ ਲਈ ਇਹ ਸਾਫ ਹੈ ਕਿ ਉਨ੍ਹਾਂ ਨੇ ਸਕੂਲੀ ਪੜ੍ਹਾਈ (Education and Learning) ਨਹੀਂ ਕੀਤੀ। ਉਨ੍ਹਾਂ ਨੇ ਊੜਾ ਆੜਾ ਵੀ ਬਹੁਤ ਲੇਟ ਸਿੱਖਣਾ ਸ਼ੁਰੂ ਕੀਤਾ ਤੇ ਉਹ ਵੀ ਉਦੋਂ ਜਦੋਂ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਪੜਾਈ ਲਿਖਾਈ ਬਿਨਾਂ ਕੋਈ ਜੀਵਨ ਨਹੀਂ ਹੈ। ਚੰਗੇ ਕਿਰਤ ਕਰਨ ਵਾਲਿਆਂ ਵਾਂਗ ਉਹ ਆਪਣਾ ਕੰਮ ਵੀ ਕਰਦੇ ਰਹੇ ਤੇ ਪੜ੍ਦੇ ਵੀ ਰਹੇ। ਉਨ੍ਹਾਂ ਨੇ ਦੱਸਿਆ ਹੈ ਕਿ ਪ੍ਰੀਵਾਰ ਵਿਚ ਸਭ ਤੋਂ ਵਡੀ ਸੰਤਾਨ ਹੋਣ ਕਾਰਨ ਉਨ੍ਹਾਂ ਉੱਤੇ ਘਰ ਦੇ ਗੁਜ਼ਾਰੇ ਲਈ ਮਾਤਾ ਪਿਤਾ ਨਾਲ ਹੱਥ ਵਟਾਉਣ ਦੀ ਜੁੰਮੇਵਾਰੀ ਸੀ। ਸਕੂਲ ਜਾਣ ਦੀ ਥਾਂ ਉਹ ਵੱਡੀ ਉਮਰ ਤੀਕਰ ਡੰਗਰ ਚਾਰਦੇ ਤੇ ਖੇਤੀ ਕਰਦੇ ਰਹੇ। ਉਹਨਾਂ ਨੇ ਆਪਣਾ ਸਕੂਲ ਜਾਣ ਦਾ ਸਮਾਂ ਤਾਂ ਗਵਾ ਦਿੱਤਾ ਸੀ ਪਰ ਉਹ ਆਪਣੇ ਛੋਟੇ ਭਰਾਵਾਂ ਨੂੰ ਪੜ੍ਹਾਉਣ ਦੀ ਪੂਰੀ ਕੋਸਿਸ਼ ਕਰਦੇ ਸਨ। ਉਹ ਹਰ ਰੋਜ਼ ਸ਼ਾਮ ਨੂੰ ਆਪਣੇ ਭਰਾਵਾਂ ਨੂੰ ਟਿਊਸ਼ਨ ਪੜ੍ਹਨ ਲਈ ਇਕ ਅਧਿਆਪਕ ਕੋਲ ਲੈ ਕੇ ਜਾਂਦੇ, ਟਿਊਸ਼ਨ ਦੇ ਸਮੇਂ ਘੰਟਾ ਦੋ ਘੰਟਾ ਉੱਥੇ ਹੀ ਬੈਠੇ ਰਹਿੰਦੇ ਤੇ ਉਨ੍ਹਾਂ ਨੂੰ ਨਾਲ ਲੈ ਕੇ ਵਾਪਸ ਮੁੜਦੇ।
( LOOKING FOR PAID WRITING JOBS ONLINE? Click Here)
ਮੁੱਢ- ਇਕ ਦਿਨ ਅਧਿਆਪਕ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਆਪਣੇ ਭਰਾਵਾਂ ਨੂੰ ਪੜ੍ਹਾਉਣ ਲਈ ਤਾਂ ਇੰਨੀ ਮਿਹਨਤ ਕਰਦਾ ਹੈ ਪਰ ਆਪ ਕਿਉਂ ਨਹੀਂ ਪੜ੍ਹਦਾ। ਉਨ੍ਹਾਂ ਨੇ ਦੱਸਿਆ ਕਿ ਉਹ ਤਾਂ ਸ਼ੁਰੂ ਤੋਂ ਹੀ ਪੜ੍ਹਨੇ ਨਹੀ ਪਿਆ ਇਸ ਲਈ ਪੜ੍ਹ ਨਹੀਂ ਸਕਦਾ। ਮਾਸਟਰ ਨੇ ਹੱਲਾ ਸ਼ੇਰੀ ਦੇ ਕੇ ਉਨ੍ਹਾਂ ਨੂੰ ਪੈਂਤੀ ਸਿਖਾਉਣੀ ਅਰੰਭ ਕਰ ਦਿੱਤੀ। ਇਕ ਵਾਰ ਪੜ੍ਹਨ ਦਾ ਵੱਲ ਆਇਆ ਕਿ ਉਹ ਆਪਣੀ ਲਗਨ ਨਾਲ ਆਪ ਹੀ ਪੜ੍ਹਦੇ ਚਲੇ ਗਏ। ਮੁੜ ਪਿੱਛੇ ਨਾ ਪਰਤੇ। ਕਈਆਂ ਨੇ ਇਸ ਵਾਰਤਾ ਨੂੰ ਥੋੜੇ ਫਰਕ ਨਾਲ ਦੱਸਿਆ ਹੈ ਪਰ ਗੱਲ ਬਹੁਤੀ ਬਦਲਦੀ ਨਹੀਂ।
ਫਰਕ- ਪੱਛੜ ਕੇ ਪੜ੍ਹਾਈ ਸ਼ੁਰੂ ਕਰਨ ਨਾਲ ਸਗੋਂ ਉਨ੍ਹਾਂ ਵਿਚ ਉਹ ਕਮੀਆਂ ਨਾ ਆਈਆਂ ਜੋ ਸਕੂਲਾਂ ਯੂਨੀਵਰਸਿਟੀਆਂ ਦੀ ਉਪਚਾਰਿਕ ਪੜ੍ਹਾਇਆਂ ਕਰਨ ਵਾਲਿਆਂ ਦੀ ਸੋਚ ਵਿਚ ਆ ਜਾਂਦੀਆਂ ਹਨ। ਮੇਰੇ ਖਿਆਲ ਅਨੁਸਾਰ ਸਕੂਲੀ ਵਿਦਿਆਰਥੀ ਵਿਦਿਅਕ ਢਾਂਚੇ ਦੀ ਇਕਸਾਰਤਾ ਵਾਲੀ ਨਿਯਮਾਵਲੀ ਤੇ ਕਾਰਗੁਜ਼ਾਰੀ ਵਿਚ ਉਲਝ ਕੇ ਰਹਿ ਜਾਂਦੇ ਹਨ। ਇਸ ਲਈ ਉਹ ਵਿਦਿਆਰਥੀ ਆਪਣੀਆਂ ਮੌਲਿਕ ਸਿਰਜਣਾਤਮਿਕ ਰੁਚੀਆਂ ਨੂੰ ਬਹੁਤਾ ਉੱਨਤ ਨਹੀਂ ਕਰ ਸਕਦੇ।
(ਪ੍ਰੋ: ਘੱਗਾ ਦਾ ਆਪਣੇ ਆਪ ਨੂੰ ਉੱਚ ਕੋਟੀ ਦਾ ਵਿਦਵਾਨ ਸਮਝਦੇ ਇਕ ਅਖਾਉਤੀ ਬੁੱਧੀ-ਜੀਵੀ ਤੇ ਸਾਬਕਾ ਯੂਨੀਵਰਸਿਟੀ ਪ੍ਦੋਫੈਸਰ ਨੂੰ ਵੰਗਾਰਨ ਵਾਲਾ ਇਕ ਵਿਡੀਓ ਦੇਖਣ ਲਈ ਇੱਥੇ ਕੱਲਿਕ ਕਰੋ।).
ਰਚਨਾਤਮਿਕਤਾ- ਦੂਜੇ ਅਰਥਾਂ ਵਿਚ ਯੂਨੀਵਰਸਿਟੀ ਸਿੱਖਿਆ ਦੀ ਦਿਨਚਰਿਆ ਨਾਲ ਉਹ ਇੰਨੇ ਘਸ ਜਾਂਦੇ ਹਨ ਕਿ ਆਪਣੀ ਸਿਖਿਆ ਦੇ ਔਜ਼ਾਰਾਂ ਨੂੰ ਆਤਮਿਕ ਬਲ ਨਾਲ ਨਹੀਂ ਵਰਤ ਸਕਦੇ। ਇਸੇ ਲਈ ਸਕੂਲ-ਯੂਨੀਵਰਸਿਟੀ ਸਿੱਖਿਆ ਪ੍ਰਣਾਲੀ ਉੱਚ ਕੋਟੀ ਦੇ ਅਲੋਚਕ, ਵਿਗਿਆਨੀ ਤੇ ਹਿਸਾਬਦਾਨ ਤਾਂ ਪੈਦਾ ਕਰ ਸਕਦੀ ਹੈ ਪਰ ਉਚ ਕੋਟੀ ਦੇ ਮੌਲਿਕ ਸੋਚ ਵਾਲੇ ਚਿੰਤਕ, ਕਵੀ, ਸਾਹਿਤਕਾਰ (Writers) ਤੇ ਸਮਾਜ ਸੁਧਾਰਕ ਪੈਦਾ ਨਹੀਂ ਕਰ ਸਕਦੀ। ਕੋਈ ਅਪਵਾਦ ਹੋਵੇ ਤਾਂ ਵੱਖਰੀ ਗੱਲ ਹੈ।
ਇੱਕਲਾ ਨਹੀਂ- ਪਰੋਫੈਸਰ ਇੰਦਰ ਸਿੰਘ ਘੱਗਾ ਵਿਚ ਵਿਦਵਤਾ ਦਾ ਝਰਨਾ ਆਪ ਮੁਹਾਰਾ ਫੁੱਟਿਆ ਹੈ। ਇਸ ਲਈ ਉਨ੍ਹਾਂ ਦੇ ਵਿਚਾਰਾਂ ਵਿਚ ਉਪਚਾਰਿਕਤਾ ਦੀ ਥਾਂ ਮੌਲਿਕਤਾ ਤੇ ਰੂੜ੍ਹੀਵਾਦ ਦੀ ਥਾਂ ਬੇਬਾਕ ਪ੍ਰਗਤੀਸ਼ੀਲਤਾ ਭਾਰੂ ਹੈ। ਇਸ ਗੱਲ ਵਿਚ ਉਹ ਇੱਕਲੇ ਨਹੀਂ ਹਨ। ਕਈ ਹੋਰ ਉੱਘੀਆਂ ਸਾਹਿਤਿਕ ਸਖਸ਼ੀਅਤਾਂ ਨੇ ਵੀ ਉਨ੍ਹਾਂ ਵਾਂਗ ਹੀ ਅਲਪ-ਸਿਖਿਅਕ ਹੋਣ ਜਾਂ ਸਕੂਲੀ ਸਿੱਖਿਆ ਤੋਂ ਵਾਂਝੇ ਰਹਿਣ ਦੇ ਬਾਵਜ਼ੁਦ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਇਨ੍ਹਾਂ ਵਿਚ ਨਾਨਕ ਸਿੰਘ ਨਾਵਲਕਾਰ ਦਾ ਨਾਂ ਵੀ ਸ਼ਾਮਲ ਹੈ ਜੋ ਘਰ ਦੀ ਗਰੀਬੀ ਕਾਰਣ ਚਾਰ ਪੰਜ ਜਮਾਤਾਂ ਤੀਕਰ ਹੀ ਸਕੂਲ ਗਏ ਸਨ। ਉਨ੍ਹਾਂ ਨੇ ਦਰਜਨਾਂ ਮੌਲਿਕ ਤੇ ਕਈ ਅਨੁਵਾਦਿਤ ਨਾਵਲ ਪੰਜਾਬੀ ਜਗਤ ਦੀ ਝੋਲੀ ਵਿਚ ਪਾਏ। ਇਸ ਲਈ ਉਹਨਾਂ ਨੂੰ ਪੰਜਾਬੀ ਨਾਵਲਕਾਰੀ ਦਾ ਮੋਢੀ ਕਿਹਾ ਜਾਂਦਾ ਹੈ।
ਹੋਰ ਬੱਧੀਜੀਵੀ- ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਜਿਨ੍ਹਾਂ ਨੂੰ ਆਪਣੀਆਂ ਲਿਖਤਾਂ ਲਈ ਪੰਜਾਬ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ, ਵੀ ਕੇਵਲ ਅੱਠ ਕੁ ਜਮਾਤਾਂ ਤੀਕਰ ਹੀ ਸਕੂਲ ਗਏ ਸਨ। ਪੰਜਾਬੀ ਦਾ ਉੱਘਾ ਨਾਵਲਕਾਰ ਤੇ ਬੁੱਧੀਜੀਵੀ ਜਸਵੰਤ ਸਿੰਘ ਕੰਵਲ ਤਾਂ ਸਕੂਲ ਦੀ ਪੜਾਈ ਅਧੂਰੀ ਛੱਡ ਕੇ ਮਲਾਇਆ ਚਲਾ ਗਿਆ ਸੀ। ਉਹ ਆਪਣੀ ਮਿਹਨਤ ਸਦਕੇ ਪੜ੍ਹ ਕੇ ਹੀ ਸਾਹਿਤ ਅਕਾਦਮੀ ਅਵਾਰਡ ਜਿੱਤਣ ਵਾਲਾ ਬਹੁ ਚਰਚਿਤ ਸਾਹਿਤਕਾਰ ਬਣਿਆ। ਉਸ ਦੇ ਨਾਵਲ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਸਲੇਬਸਾਂ ਵਿਚ ਪੜ੍ਹਾਏ ਜਾਂਦੇ ਹਨ। ਇਨ੍ਹਾਂ ਸਖਸ਼ੀਅਤਾਂ ਨੂੰ ਤਾਂ ਕਦੇ ਕਿਸੇ ਨੇ ਅਨਪੜ੍ਹ ਕਿਹਾ ਨਹੀਂ।
ਵਿਲੱਖਣ ਉਦਾਹਰਣ- ਸਭ ਤੋਂ ਵਿੱਲਖਣ ਉਦਾਹਰਣ ਤਾਂ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਕਿਰਪਾਲ ਸਿੰਘ ਕਜ਼ਾਕ ਦੀ ਹੈ ਜੋ ਕਥਿਤ ਤੌਰ ਤੇ ਕੇਵਲ ਨੌਂ ਜਮਾਤਾਂ ਤੀਕਰ ਹੀ ਸਕੂਲ ਗਿਆ ਸੀ। ਉਹ ਪੇਸ਼ੇ ਵਜੋਂ ਤਰਖਾਣ ਮਿਸਤਰੀ ਸੀ ਤੇ ਮਕਾਨ ਉਸਾਰੀ ਦਾ ਦਾ ਕੰਮ ਕਰਦਾ ਸੀ। ਪਰ ਉਹ ਆਪਣੇ ਜੱਦੀ-ਪੁਸ਼ਤੀ ਕੰਮ ਦੇ ਨਾਲ ਨਾਲ ਸਾਹਿਤ ਰਚਨਾ ਵੀ ਕਰਦਾ ਰਿਹਾ। ਉਸ ਦੇ ਕੰਮ ਦੀ ਸ਼ਲਾਘਾ ਦੇਖ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਸ ਨੂੰ ਬਿਨਾਂ ਡਿਗਰੀ ਤੋਂ ਪ੍ਰੋਫੈਸਰ ਲਾਇਆ ਤੇ ਉਸ ਨੇ ਸਹੀ ਅਰਥਾਂ ਵਿਚ ਪੋਸਟ-ਗ੍ਰੈਜੂਏਟ ਕਲਾਸਾਂ ਪੜ੍ਹਾਈਆਂ। ਇਹੀ ਨਹੀਂ 2019 ਵਿਚ ਉਸ ਨੂੰ ਪੰਜਾਬ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਮੇਰਾ ਖਿਆਲ ਨਹੀਂ ਕਿ ਦੋ ਚਾਰਾਂ ਨੂੰ ਛੱਡ ਕੇ ਬਹੁਤੇ ਉੱਚ ਸਿਖਿਅਕ ਯੂਨੀਵਰਸਿਟੀ ਅਧਿਆਪਕਾਂ ਨੂੰ ਇਹ ਪੁਰਸਕਾਰ ਮਿਲਿਆ ਹੋਵੇ।
ਹੋਰ ਤਾਂ ਹੋਰ- ਪੰਜਾਬੀ ਸਾਹਿਤ ਵਿਚ ਬੁਲੰਦੀਆਂ ਛੂਹਣ ਵਾਲੀ ਪੁਰਸਕਾਰਾਂ (Awards) ਦੀ ਮਲਕਾ ਅਮ੍ਰਿਤਾ ਪ੍ਰੀਤਮ ਨੇ ਵੀ ਬਹੁਤੀ ਉਪਚਾਰਿਕ ਸਕੂਲੀ ਪੜ੍ਹਾਈ ਨਹੀਂ ਸੀ ਕੀਤੀ ਹੋਈ। ਘੱਟੋ ਘੱਟ ਉਸ ਦੀ ਜੀਵਨੀ ਦੇ ਪ੍ਰਕਾਸ਼ਿਤ ਦਸਤਾਵੇਜ਼ਾਂ ਤੇ ਵੈਬ-ਜਾਣਕਾਰੀ ਤੋਂ ਤਾਂ ਇਹੀ ਜਾਪਦਾ ਹੈ। ਗਿਆਰਾਂ ਸਾਲਾਂ ਦੀ ਉਮਰ ਵਿਚ ਮਾਂ ਦੇ ਮਰਨ ਤੋਂ ਬਾਦ ਉਸ ਨੇ ਜੋ ਪੜ੍ਹਿਆ ਉਹ ਘਰ ਰਹਿ ਕੇ ਆਪਣੇ ਪਿਤਾ ਦੀ ਛਤਰ ਛਾਇਆ ਵਿਚ ਹੀ ਪੜ੍ਹਿਆ। ਉਸ ਦੇ ਸਾਹਿਤਿਕ ਕੱਦ ਸਾਹਮਣੇ ਉਸ ਦੀ ਸਿੱਖਿਆ ਦੀ ਗੱਲ ਕਰਨਾ ਸੂਰਜ ਨੂੰ ਦੀਵਾ ਦਿਖਾਉਣ ਬਰਾਬਰ ਹੈ। ਫਿਰ ਵਾਰਸ ਸ਼ਾਹ ਜਿਸ ਨੂੰ ਗੁਹਾਰ ਲਾ ਕੇ ਉਹ ਲਿਖਦੀ ਰਹੀ, ਵੀ ਕੋਈ ਡਿਗਰੀ ਪਾਸ ਨਹੀਂ ਸੀ।
ਵਿਦੇਸ਼ੀ ਵਿਦਵਾਨ- ਪੰਜਾਬ ਵਿਚ ਹੀ ਨਹੀਂ, ਵਿਦੇਸ਼ਾਂ ਵਿਚ ਵੀ ਕਈ ਅਜਿਹੇ ਸਾਹਿਤਕਾਰ ਹੋਏ ਹਨ ਜਿਨ੍ਹਾਂ ਨੂੰ ਸਕੂਲੀ ਪੜ੍ਹਾਈ ਬਿਲਕੁਲ ਨਸੀਬ ਨਾ ਸੀ ਹੋਈ। ਰੂਸ ਦਾ ਸੰਸਾਰ ਪ੍ਰਸਿੱਧ ਸਾਹਿਤਕਾਰ, ਮਾਂ ਨਾਵਲ ਦੇ ਲਿਖਾਰੀ ਅਤੇ ਨੋਬਲ ਪੁਰਸਕਾਰ ਵਿਜੇਤਾ ਮੈਕਸਿਮ ਗੋਰਕੀ ਤਾਂ ਇਕ ਦਿਨ ਵੀ ਸਕੂਲ ਨਹੀਂ ਗਿਆ। ਯਤੀਮੀ ਦੀ ਹਾਲਤ ਵਿਚ ਬਚਪਨ ਤੋਂ ਹੀ ਉਹ ਢਾਬਿਆਂ ਤੇ ਰੈਸਟੋਰੈਂਟਾਂ ਵਿਚ ਬਾਲ ਕਾਮੇ ਵਜੋਂ ਕੰਮ ਕਰਦਾ ਰਿਹਾ। ਉੱਥੇ ਰਹਿ ਕੇ ਹੀ ਉਸ ਨੇ ਪੜ੍ਹਨਾ ਤੇ ਲਿਖਣਾ ਸਿਖਿਆ ਤੇ ਸਾਹਿਤ ਰਚਨਾ ਨੂੰ ਹੱਥ ਪਾਇਆ। ਆਪਣੀ ਜੀਵਨ ਕਥਾ ਨਾਲ ਸਬੰਧਿਤ ਦੋ ਪੁਸਤਕਾਂ ਮਾਈ ਯੂਨੀਵਰਸਿਟੀਜ਼ ਅਤੇ ਮਾਈ ਐਪਰੈਂਟਿਸਸ਼ਿਪਜ਼ ਵਿਚ ਗੋਰਕੀ ਨੇ ਲਿਖਿਆ ਹੈ ਕਿ ਢਾਬੇ ਉਸ ਦੀਆਂ ਸਕੂਲ ਤੇ ਯੂਨੀਵਰਸਿਟੀਆਂ ਸਨ ਤੇ ਭਾਂਡੇ ਮਾਂਜਣਾ ਉਸ ਦੀਆਂ ਕੰਮ-ਕਾਜੀ ਸਿਖਲਾਈ ਸੰਸਥਾਵਾਂ ਦਾ ਮੁੱਖ ਵਿਸ਼ਾ ਸੀ। ਸਾਡੇ ਕੋਲ ਸਾਰੇ ਪੁਰਾਣੇ ਸਾਹਿਤਕਾਰਾਂ ਦੀਆਂ ਜੀਵਨੀਆਂ ਉਪਲਭਦ ਨਹੀਂ ਹਨ ਇਸ ਲਈ ਕਿਹਾ ਨਹੀਂ ਜਾ ਸਕਦਾ ਹੈ ਕਿ ਕਿੰਨੇ ਕੁ ਹੋਰ ਲੇਖਕ ਅਜੇਹੀਆਂ ਹੀ ਯੂਨੀਵਰਸਿਟੀਆਂ ਦੇ ਵਿਦਿਆਰਥੀ ਰਹੇ ਹੋਣਗੇ।
ਵਿਤਕਰਾ ਕਿਉਂ- ਇਸ ਸਬੰਧ ਵਿਚ ਦੂਜੇ ਪ੍ਰਸਿੱਧ ਸਾਹਿਤਕਾਰਾਂ ਦੇ ਜਿਕਰ ਕਰਨ ਦਾ ਮਕਸਦ ਕੇਵਲ ਤੇ ਕੇਵਲ ਇਹ ਦਰਸਾਉਣਾ ਹੈ ਕਿ ਜਦੋਂ ਇੰਨੇ ਸਾਰੇ ਲੋਕ ਬਿਨਾਂ ਸਕੂਲ ਜਾਇਆਂ ਜਾਂ ਕੁਝ ਕੁ ਦੇਰ ਸਕੂਲ ਜਾ ਕੇ ਸਾਹਿਤ ਦੇ ਖੇਤਰ ਵਿਚ ਚਾਨਣ ਮੁਨਾਰੇ ਬਣ ਸਕਦੇ ਹਨ ਤਾਂ ਇੰਦਰ ਸਿੰਘ ਘੱਗਾ ਅਨਪੜ੍ਹ ਕਿਵੇਂ ਹੋਏ? ਉਹਨਾਂ ਨੇ ਗੁਰਬਾਣੀ ਸਿੱਖ ਧਰਮ ਤੇ ਸਿੱਖ ਇਤਿਹਾਸ ਦਾ ਡੁੰਘਾ ਅਧਿਐਨ ਕਰਦਿਆਂ ਉਮਰ ਭਰ ਘਾਲਣਾ ਘਾਲੀ। ਆਪਣੇ ਤਰਕ ਤੇ ਖੋਜ ਨਾਲ ਇਸ ਕਾਰਜ ਖੇਤਰ ਤੇ ਵਿਸ਼ੇ ਨੂੰ ਨਿੱਗਰ ਬਣਾਇਆ। ਉਨ੍ਹਾਂ ਦੀਆਂ ਲਿਖਤਾਂ ਵਿਗਿਆਨਿਕ, ਬੌਧਿਕਤਾ ਭਰਪੂਰ ਤੇ ਅਗਾਹਾਂ-ਵਧੂ ਦਲੀਲਾਂ ਨਾਲ ਭਰੀਆਂ ਹੋਈਆਂ ਹਨ ਜਿਨ੍ਹਾਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਪਰ ਕੱਟਿਆ ਨਹੀਂ ਜਾ ਸਕਦਾ। ਇਸ ਦਾ ਸਬੂਤ ਉਨ੍ਹਾਂ ਦੀਆਂ ਦੂਜੇ ਵਿਦਵਾਨਾਂ ਨਾਲ ਕੀਤੀਆਂ ਗੋਸਟੀਆਂ ਹਨ। ਆਪਣੀ ਵਿਦਵਤਾ ਤੇ ਇਸ ਦੀ ਕੁਸ਼ਲ ਪੇਸਕਾਰੀ ਦੇ ਆਧਾਰ ਤੇ ਹੀ ਉਨ੍ਹਾਂ ਨੇ ਪ੍ਰੋਫੈਸਰ ਦੀ ਉਪਾਧੀ ਪਾਈ ਤੇ ਕਾਲਜਾਂ ਵਿਚ ਪੜ੍ਹਾਇਆ।
ਬਹੁਤਿਆਂ ਨਾਲੋਂ ਚੰਗਾ- ਪ੍ਰੋਫੈਸਰ ਘੱਗਾ ਦੀਆਂ ਪ੍ਰਾਪਤੀਆਂ ਨੂੰ ਦੇਖ ਕੇ ਲਗਦਾ ਹੈ ਕਿ ਉਹ ਸਕੂਲੀ ਸਿਖਿਆ ਤੋਂ ਵਾਂਝੇ ਹੋ ਕੇ ਵੀ ਉੱਚ ਪੱਧਰ ਦੇ ਲੇਖਕ ਤੇ ਵਿਦਵਾਨ ਹਨ। ਉਨ੍ਹਾਂ ਦਾ ਥਾਂ ਸੰਸਾਰ ਦੇ ਉਨ੍ਹਾਂ ਪ੍ਰਸਿੱਧ ਲੇਖਕਾਂ, ਸਾਹਿਤਕਾਰਾਂ ਤੇ ਬੁੱਧੀਜੀਵੀਆਂ ਵਿਚ ਹੈ ਜਿਨ੍ਹਾਂ ਦੀ ਕਲਮ ਵਿਚੋਂ ਵਿਦਵਤਾ ਆਪ ਮੁਹਾਰੀ ਫੁੱਟ ਕੇ ਵਗਦੀ ਹੈ। ਉਨ੍ਹਾਂ ਜਿਹਾ ਸਥਾਨ ਤਾਂ ਯੂਨੀਵਰਸਿਟੀ ਪਾਰਿਤ ਕਈ ਕਈ ਡਿਗਰੀਆਂ ਦੇ ਮਾਲਕ ਵਿਦਵਾਨਾਂ ਨੂੰ ਵੀ ਹਾਸਲ ਨਹੀਂ ਹੈ। ਜਿਸ ਯੂ-ਟਿਊਬ ਤੇ ਉਨ੍ਹਾਂ ਦੇ ਵੀਡੀਓਜ਼ ਪਏ ਹਨ ਉੱਥੇ ਹੀ ਨਾਲ ਕਈ ਆਪਣੇ ਆਪ ਨੂੰ ਉੱਘੇ ਇਤਿਹਾਸਕਾਰ ਤੇ ਸਿੱਖ ਬੁੱਧੀਜੀਵੀ ਕਹਾਉਣ ਵਾਲੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰਾਂ ਦੇ ਵੀਡੀਓਜ਼ ਵੀ ਹਨ ਜਿਨ੍ਹਾਂ ਵਿਚ ਉਨ੍ਹਾਂ ਨੇ ਤਰਕਹੀਣ ਤੇ ਤੱਥ ਹੀਣ ਗੱਲਾਂ ਲਿਖੀਆਂ ਹਨ। ਉਨ੍ਹਾਂ ਵਲ ਵੇਖ ਕੇ ਤਾਂ ਪ੍ਰੋਫੈਸਰ ਘੱਗਾ ਦਾ ਰੁਤਬਾ ਹੋਰ ਵੀ ਨਿੱਖਰਿਆ ਲਗਦਾ ਹੈ।
(ਪ੍ਰੋ: ਘੱਗਾ ਦਾ ਇਕ ਵੀਡੀਓ ਹੋਰ ਦੇਖੋ!)
ਸਰਲਤਾ ਤੇ ਪ੍ਰੋੜ੍ਹਤਾ- ਪ੍ਰੋ: ਘੱਗਾ ਨੂੰ ਪੰਜਾਬੀ ਸ਼ਬਦਾਵਲੀ ਤੇ ਮੁਹਾਵਰੇ ਦਾ ਪੂਰਾ ਗਿਆਨ ਹੈ। ਉਹ ਮੁਸ਼ਕਿਲ ਤੋਂ ਮੁਸ਼ਕਿਲ ਗੱਲ ਨੂੰ ਵੀ ਸਹਿਜਤਾ ਨਾਲ ਸਮਝਾ ਸਕਦੇ ਹਨ। ਮੈਂ ਦੇਖਿਆ ਹੈ ਕਿ ਉਨ੍ਹਾਂ ਨੇ ਮੱਨੁਖੀ ਵਿਕਾਸ, ਮੱਨੁਖੀ ਪ੍ਰਜਣਨ ਕ੍ਰਿਆ ਤੇ ਕਈ ਮੈਡੀਕਲ ਮਸਲਿਆਂ ਤੇ ਵੀ ਅਜਿਹੇ ਸਰਲ ਤੇ ਸੰਕੇਤਕ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਜੋ ਕਈ ਬਹੁਤੇ ਪੜ੍ਹੇ ਨਹੀਂ ਦੇ ਸਕਦੇ। ਉਨ੍ਹਾਂ ਨੂੰ ਆਪਣੇ ਵਿਸ਼ੇ ਦਾ ਡੂੰਘਾ ਗਿਆਨ ਤੇ ਅਧੁਨਿਕ ਜਾਣਕਾਰ ਹੁੰਦੀ ਹੈ ਇਸ ਲਈ ਉਹ ਲਿਖਦੇ ਜਾਂ ਬੋਲਦੇ ਕਿਸੇ ਪਾਸਿਓਂ ਬਚਣ ਜਾਂ ਲਿਫਣ ਦੀ ਕੋਸਿਸ਼ ਨਹੀਂ ਕਰਦੇ। ਉਨ੍ਹਾਂ ਵਿਚ ਬੁੱਧੀਜੀਵੀਆਂ ਵਾਲੀ ਇਕ ਹੋਰ ਵੱਡੀ ਖੂਬੀ ਹੈ ਕਿ ਉਹ ਹਮੇਸ਼ਾ ਆਪਣੇ ਵਿਸ਼ੇ ਨਾਲ ਜੁੜੇ ਰਹਿੰਦੇ ਹਨ, ਆਪਣੀ ਤਾਰੀਫ ਦੇ ਪੁਲ ਬੰਨ੍ਹ ਕੇ ਆਪਣੀ ਮਸ਼ਹੂਰੀ ਨਹੀਂ ਕਰਦੇ।
ਪ੍ਰਸੰਸਾ ਪਾਤਰ- ਵਿਚਾਰ ਆਪੋ ਆਪਣੇ ਹੁੰਦੇ ਹਨ। ਕੋਈ ਸਹਿਮਤ ਹੋਵੇ ਜਾਂ ਨਾ ਹੋਵੇ ਇਹ ਚਲਦਾ ਹੈ, ਪਰ ਕਿਸੇ ਲਈ ਤਹਿਜ਼ੀਬ-ਰਹਿਤ ਸਬਦਾਵਲੀ ਵਰਤਣਾ ਗਲਤ ਹੈ। ਪ੍ਰੋਫੈਸਰ ਘੱਗਾ ਜਿਹੇ ਵਿਦਵਾਨ ਸਚੀਂ ਮੁਚੀਂ ਸਨਮਾਨ ਦੇ ਪਾਤਰ ਹੁੰਦੇ ਹਨ। ਉਨ੍ਹਾਂ ਤੇ ਹਰ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਹੈ। ਨਵੀਆਂ ਪੁਰਾਣੀਆਂ ਸਭ ਪੀੜ੍ਹੀਆਂ ਨੂੰ ਉਨ੍ਹਾਂ ਦੀ ਲਗਨ ਤੋਂ ਪਰੇਰਣਾ ਲੈਣੀ ਬਣਦੀ ਹੈ। ਉਨ੍ਹਾਂ ਦੇ ਪੜ੍ਹਾਈ ਲਿਖਾਈ ਦੇ ਸਕੂਲੀ ਮਿਆਰ ਨੂੰ ਪਰਖਣਾ ਨਾਦਾਨੀ ਹੈ। ਜੋ ਅਜਿਹਾ ਕਰਦੇ ਹਨ ਉਹ ਸ਼ਾਇਦ ਉਨ੍ਹਾਂ ਦੀਆਂ ਭਾਰੂ ਦਲੀਲਾਂ ਤੇ ਕੱਦਾਵਰ ਰੁਤਬੇ ਸਾਹਮਣੇ ਆਪਣੀ ਲਾਚਾਰੀ ਦਾ ਪ੍ਰਗਟਾਵਾ ਕਰਦੇ ਹਨ।
(ਪ੍ਰੋ: ਇੰਦਰ ਸਿੰਘ ਘੱਗਾ ਦੇ ਹੋਰ ਵਿਡੀਓ ਇਸ ਸਾਈਟ ਤੋਂ ਵੇਖੇ ਜਾ ਸਕਦੇ ਹਨ)