ਕੱਲ ਇਕ ਫੇਸਬੁਕ ਪੋਸਟ ਦੇ ਸਬੰਧ ਵਿਚ ਕਿਸੇ ਗਿਆਨੀ ਜੀ ਦੀ ਇਹ ਕੁਮੈਂਟ ਪੜ੍ਹੀ। "ਹਾਂ ਸਾਰੀਆਂ ਦਲੀਲਾਂ ਤੇ ਕਾਮਰੇਡ ਜੋ ਸਾਂਭੀ ਬੈਠੇ ਹਨ…। ਸਿੱਖਾਂ ਚ ਭਰਮ ਭੁਲੇਖੇ ਕਿਵੇਂ ਪਾਉਣੇ ਤੇ ਸਿੱਖ ਦੀ ਸ਼ਰਧਾ ਕਿਵੇਂ ਤੋੜਨੀ ਹੈ, ਸਭ ਦਲੀਲ਼ਾਂ ਸਾਂਭੀ ਬੈਠੇ ਨੇ ਕਾਮਰੇਡ ਲਾਣਾ... ਇਨਾਂ ਵਿਚੋਂ ਇਨਾਂ ਦੀ ਕੋਈ ਇਕ ਦੇਣ ਦੱਸ ਦਿਓ। ਕੋਈ ਇਕ ਕਾਮਰੇਡ ਦੱਸ ਦਿਓ ਜਿਸ ਨੇ ਕਿਸੇ ਭੁੱਖੇ ਦੇ ਮੂੰਹ ਬੁਰਕੀ ਪਾਈ ਹੋਵੇ।" ਅੱਜ ਇਸੇ ਬਾਰੇ ਲਿਖਣ ਨੂੰ ਮਨ ਕੀਤਾ।
"ਗਿਆਨੀ ਜੀ ਕਿਰਪਾ ਕਰ ਕੇ ਕਦੇ ਵਕਤ ਕੱਢੋ ਤੇ ਕਾਮਰੇਡ ਦੀ ਪ੍ਰੀਭਾਸ਼ਾ ਦੱਸੋ।
ਤੁਹਾਡਾ ਬੜਾ ਪਰਉਪਕਾਰ ਹੋਵੇਗਾ ਜੇ ਨਾਲ ਇਹ ਵੀ ਦੱਸ ਦਿਓ ਕਿ ਸ੍ਰੋਮਣੀ ਕਮੇਟੀ ਤੇ ਵੱਡੇ ਧਨਾਡਾਂ ਵਿਦਵਾਨਾਂ ਤੇ ਜਾਗੀਰਦਾਰਾਂ ਨੇ ਕਿੰਨਿਆਂ ਕੁ ਗਰੀਬਾਂ ਦੇ ਮੂੰਹ ਵਿਚ ਬੁਰਕੀ ਪਾਈ ਹੈ ਤੇ ਕਿੰਨਿਆਂ ਕੁ ਦੇ ਮੂੰਹੋਂ ਖੋਹੀ ਹੈ? ਇਹ ਵੀ ਦੱਸਿਆ ਜੇ ਕਿ ਜਿੰਨੇ ਕੁ ਸਿੱਖ ਆਪਣੇ ਆਪ ਨੂੰ ਧਰਮੀ ਕਰਮੀ ਕਹਿ ਕੁਹਾ ਕੇ ਅਗੇ ਆਏ ਉਨ੍ਹਾਂ ਵਿਚੋਂ ਕਿਸੇ ਨੇ ਗੁਰਦੁਆਰੇ ਰੁਪਿਆ ਚੜਾਉਣ ਤੋਂ ਬਿਨਾਂ ਕਿਸੇ ਨੇ ਭੁਖੇ ਦੇ ਮੂੰਹ ਵਿਚ ਕੋਈ ਬੁਰਕੀ ਪਾਈ ਹੋਵੇ। ਨਾਲ ਇਹ ਵੀ ਸਪਸ਼ਟ ਕਰਨ ਦੀ ਕਿਰਪਲਤਾ ਕਰੋ ਕਿ ਉਹਨਾਂ ਵਿਚੋਂ ਕਿੰਨੇ ਕੁ ਸਿੰਘ ਸਾਹਿਬ ਹੋਟਲਾਂ, ਜਾਇਦਾਦਾਂ ਜਮੀਨਾਂ ਤੇ ਸਰਦਾਰੀਆਂ ਦੇ ਮਾਲਕ ਨਹੀਂ ਬਣੇ ਤੇ ਧਰਮ ਵਿਪਰੀਤ ਕਾਰਜ ਕਰ ਕੇ ਨਹੀਂ ਗਏ। ਜਿਸ ਨੂੰ ਆਪ ਜੀ ਸ਼ਰਧਾ ਕਹਿੰਦੇ ਹੋ ਉਹ ਕੱਚ ਵਾਂਗ ਸਾਂਭਿਆ ਜੋੜਿਆ ਵਿਸ਼ਵਾਸ਼ ਹੈ ਜਿਸ ਨੂੰ ਜਰਾ ਕੁ ਪ੍ਰਸ਼ਨ ਕਰਨ ਨਾਲ ਠੇਸ ਲਗ ਜਾਂਦੀ ਹੈ। ਅਸਲ ਵਿਸਵਾਸ ਜਾਂ ਸ਼ਰਧਾ ਤਾਂ ਉਹ ਹੈ ਜੋ ਆਪ ਦਲੀਲ, ਤਰਕ, ਪ੍ਰੀਖਣ ਤੇ ਪਰਮਾਣ ਤੋਂ ਉਪਜਿਆ ਹੋਵੇ ਤੇ ਚਟਾਨ ਵਾਂਗ ਟਿਕਿਆ ਹੋਵੇ। ਸਚਾਈ ਤੇ ਟਿਕਿਆ ਹੋਣ ਕਰਕੇ ਉਹ ਵਿਸਵਾਸ਼ ਤਾਂ ਭੁਚਾਲ ਆਉਣ ਤੇ ਵੀ ਨਹੀਂ ਡੋਲਦਾ। ਸਾਡੇ ਗੁਰੂ ਸਾਹਿਬ ਨੇ ਤਾਂ ਤਰਕ ਦਲੀਲ ਤੇ ਚਲਣ ਵਾਲੇ ਵਿਸ਼ਵਾਸ਼ ਦੀ ਹੀ ਗੱਲ ਕੀਤੀ ਹੈ ਜੋ ਸੱਚਾ ਤੇ ਸਥਿਰ ਰਹਿੰਦਾ ਹੈ। ਫਿਰ ਤੁਹਾਡੇ ਅਨੁਸਾਰ ਉਹ ਦਲੀਲ ਤੇ ਪਰਖਿਆਂ ਯਕੀਨ ਘਟ ਕਿੱਦਾਂ ਸਕਦਾ ਹੈ ਭਾਵ ਟੁਟ ਕਿਵੇਂ ਸਕਦਾ ਹੈ?ਕੀ ਤੁਸੀੰ ਆਪਣੇ ਵਿਸਵਾਸ਼ ਨੂੰ ਗੁਰੂ ਬਾਬੇ ਦੇ ਸਿਧਾਂਤ ਨਾਲ ਨਹੀਂ ਜੋੜਿਆ ਜਾਂ ਉਸ ਦੇ ਸਿਧਾਂਤ ਨੂੰ ਸਮਝਿਆ ਹੀ ਨਹੀਂ ਹੈ? ਗੁਰੂ ਬਾਬੇ ਨੇ ਥਾਂ ਥਾਂ ਤੇ ਵਿਸ਼ਵਾਸ਼ ਨੂੰ ਦਲੀਲਾਂ ਨਾਲ ਤੋੜਿਆ ਹੈ। ੳਨ੍ਹਾਂ ਹਰਿਦਵਾਰ ਵਿਚ ਪੰਡਤਾਂ ਦਾ ਵਿਸ਼ਵਾਸ਼ ਤੋੜਿਆ। ਸਭ ਧਾਰਮਿਕ ਵਿਸ਼ਵਾਸ਼ਾਂ ਨੂੰ ਕੂੜ ਦੀ ਦੀਵਾਰ ਕਿਹਾ। ਇਨ੍ਹਾਂ ਨੂੰ ਤੋੜ ਕੇ ਸਚਿਆਰਾ (ਸਚਾਈ ਦਾ ਵਾਕਫ) ਬਣਨ ਲਈ ਕਿਹਾ। ਕੁਦਰਤ ਦੇ ਹੁਕਮ ਭਾਵ ਭਾਣੇ ਦੇ ਨਿਯਮ ਬੁਝਣ ਭਾਵ ਭਾਲਣ ਦੀ ਸੇਧ ਦਿੱਤੀ ਤੇ ਉਨ੍ਹਾਂ ਤੇ ਚਲਣ ਦਾ ਰਾਹ ਦੱਸਿਆ। ਕਿੰਨੇ ਕੁ ਸ਼ਰਧਾਵਾਨ ਗਿਆਨੀਆਂ ਨੇ ਉਨ੍ਹਾਂ ਦੇ ਆਦੇਸ ਅਨੁਸਾਰ ਕੋਈ ਹੁਕਮ ਭਾਲਿਆ ਹੈ? ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਹੈ ਤਾਂ ਦਿਓ ਨਹੀਂ ਤਾਂ ਪਖੰਡ ਛਡੋ ਤੇ ਹੁਣ ਤੋਂ ਹੀ ਬਾਬੇ ਦੇ ਅਸਲੀ ਸਿੱਖ ਬਣੋ।
ਗਿਆਨੀ ਜੀ ਉੱਤਰ ਇਹ ਵੀ ਦਿਓ। ਗੁਰੂ ਬਾਬੇ ਨੇ ਸੁਣੀਐ ਦੀਆਂ ਸਾਰੀਆਂ ਪੌੜੀਆਂ ਵਿਚ ਉਹ ਕੁਝ ਦਰਜ ਕੀਤਾ ਜੋ ਮੱਨੁਖ ਸ਼ਰਧਾ ਨਾਲ ਸੁਣ ਲੈਂਦਾ ਹੈ ਤੇ ਮੰਨਣ ਲੈਣ ਦੀ ਗਲਤੀ ਕਰਦਾ ਹੈ। ਉਨ੍ਹਾਂ ਵਿਚ ਸਾਰਾ ਉਹ ਕੁਝ ਹੈ ਜੋ ਧਾਰਮਿਕ ਪਾਖੰਡੀ ਕੂੜ ਕਰਮਾਂ ਬਾਰੇ ਦੱਸ ਕੇ ਲੁਕਾਈ ਨੂੰ ਭਰਮਾਉਂਦੇ ਹਨ ਤੇ ਅੰਧ ਵਿਸਵਾਸ ਵਿਚ ਫਸਾਉਂਦੇ ਹਨ। ਗਿਆਨੀ ਜੀ, ਹੁਣੇ ਖੋਲ੍ਹੋ ਜਪੁਜੀ ਸਾਹਿਬ ਤੇ ਸੁਣੀਐ ਦੀਆਂ ਪਉੜੀਆਂ ਪੜ੍ਹੋ ਤਾਂ ਜੋ ਤੁਹਾਨੂੰ ਅਖੀਂ ਦੇਖ ਕੇ ਵਿਸ਼ਵਾਸ਼ ਹੋਵੇ ਕਿ ਕਿਵੇਂ ਉਨ੍ਹਾਂ ਨੇ ਈਸਰ ਬਰਮਾ ਇੰਦ ਤੇ ਬਰਮੇ ਆਦਿ ਨੂੰ ਵੀ ਮਿਥਿਹਾਸਕ ਦੱਸਿਆ ਹੈ ਤੇ ਭਰਮ ਦੇ ਖਾਨੇ ਵਿਚ ਰੱਖਿਆ ਹੈ। ਗੁਰੂ ਸਾਹਿਬ ਨੇ ਕਿਹਾ ਕਿ ਹਰ ਸੁਣੀ ਚੀਜ਼ ਤੇ ਅੰਨਾ ਵਿਸਵਾਸ ਨਾ ਕਰੋ ਸਗੋਂ ਮੰਨੈ ਭਾਵ ਮਨਨ ਭਾਵ ਚਿੰਤਨ ਭਾਵ ਸੋਚ ਵਿਚਾਰ ਭਾਵ ਤਰਕ ਦਲੀਲ ਨਾਲ ਉਸ ਨੂੰ ਵਿਚਾਰੋ। ਸਹੀ ਪਾਵੋ ਤਾਂ ਮੰਨੋ ਨਹੀਂ ਤਾਂ ਨਕਾਰੋ। ਉਨ੍ਹਾਂ ਕਿਹਾ ਕਿ ਮੱਨੂਖ ਦੇ ਹੱਥ ਵਿਚ ਇਹੀ ਇਕ ਹਥਿਆਰ ਹੈ ਜਿਸ ਨਾਲ ਝੂਠ ਨਾਲੋਂ ਸੱਚ ਨੂੰ ਵੱਖਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਲਿਖਿਆ ਇਸ ਦੀ ਮਹਿਮਾ ਇੰਨੀ ਹੈ ਕਿ ਵਰਨਣ ਨਹੀਂ ਕੀਤੀ ਜਾ ਸਕਦੀ। ਸੁਰਤ ਮਤ ਮਨ ਬੁਧ ਇਸੇ ਨਾਲ ਹੀ ਹੋਂਦ ਵਿਚ ਆਉਂਦੇ ਤੇ ਤੇਜ਼ ਬਣਦੇ ਹਨ। ਪਰ ਧਰਮੀ ਸਿੱਖ ਵਿਦਵਾਨ ਇਸ ਤੋਂ ਉਲਟ ਪਰਚਾਰ ਕਰਦੇ ਹਨ ਕਿ ਸੁਣਨਾ ਤੇ ਸੁਣ ਕੇ ਮੰਨਣਾ ਗਿਆਨ ਦੇ ਰਸਤੇ ਦੀਆਂ ਪਹਿਲੀਆਂ ਪਉੜੀਆਂ ਹਨ ਤੇ ਇਹ ਸਿੱਖੀ ਦੇ ਸਤੰਭ ਹਨ। ਇਹੀ ਉਨ੍ਹਾਂ ਦੀ ਸ਼ਰਧਾ ਹੈ ਤੇ ਨਾ ਮੰਨਣ ਨਾਲ ਇਹ ਭੰਗ ਹੋ ਜਾਂਦੀ ਹੈ। ਜੇ ਸ਼ਰਧਾ ਇੱਦਾਂ ਦੀ ਹੀ ਹੁੰਦੀ ਤੇ ਅੰਧ ਵਿਸਵਾਸ਼ ਤੇ ਹੀ ਆਧਾਰਤ ਹੁੰਦੀ ਤਾਂ ਗੁਰੂ ਨਾਨਕ ਆਪ ਹੀ ਪੰਡਤਾਂ ਦੀ ਗੱਲ ਸੁਣ ਕੇ ਮੰਨ ਜਾਂਦੇ ਤੇ ਸੂਰਜ ਨੂੰ ਪਾਣੀ ਦੇਣ ਨਾ ਲਗ ਜਾਂਦੇ। ਆਖਰ ਪਾਣੀ ਦੇਣ ਵਿਚ ਉਨ੍ਹਾਂ ਦਾ ਲਗਦਾ ਵੀ ਕੀ ਸੀ, ਪੰਡਤਾਂ ਨਾਲ ਪੰਗਾ ਲੈਣ ਨਾਲੋਂ ਤਾਂ ਆਸਾਨ ਹੀ ਹੋਣਾ ਸੀ। ਪਰ ਗੁਰੂ ਸਾਹਿਬ ਤਰਕ-ਗਿਆਨ ਪ੍ਰੀਕਸ਼ਣ ਸਦਕਾ ਸੂਰਜ ਨੂੰ ਪਾਣੀ ਦੇਣ ਨੂੰ ਝੂਠ ਤੇ ਅੰਧ ਵਿਸ਼ਵਾਸ਼ ਸਮਝਦੇ ਸਨ ਭਾਵ ਉਹ ਇਸ ਦੇ ਕਰਮਕਾਂਡ ਹੋਣ ਬਾਰੇ ਸੁਚੇਤ ਸੁਜਾਨ ਸਨ। ਉਨ੍ਹਾਂ ਦੀ ਸ਼ਰਧਾ ਅੰਧ ਵਿਸਵਾਸ ਵਿਚ ਨਹੀਂ ਸੀ ਸਗੋਂ ਬੁਧੀ ਤੇ ਵਿਵੇਕ ਤੋਂ ਉਤਪੰਨ ਹੋਏ ਗਿਆਨ ਵਿਚ ਸੀ। ਇਸ ਨੂੰ ਉਹ ੴ ਦੇ ਚਿੰਨ੍ਹਾਂ ਦੁਆਰਾ ਪ੍ਰਗਟ ਕਰ ਚੁੱਕੇ ਸਨ। ਇਸੇ ਲਈ ਉਨ੍ਹਾਂ ਨੇ ਤਜ਼ਰਬੇ ਰਾਹੀਂ ਬੇਸਮਝ ਤੇ ਸ਼ਰਧਾਵਾਨ ਪੰਡਤਾਂ ਨੂੰ ਸਮਝਾਇਆ ਕਿ ਉਹ ਫੋਕਟ ਕਾਰਜ ਨਾ ਕਰ ਕੇ ਪ੍ਰਕ੍ਰਿਤੀ ਦੇ ਭੇਦ ਸਮਝਣ ਦੀ ਕੋਸ਼ਿਸ਼ ਕਰਨ। ਤੇ ਉਹ ਸਿਆਣੇ ਸਨ ਉਨ੍ਹਾਂ ਦੀ ਤਰਕ ਭਰਭੂਰ ਗੱਲ ਮੰਨ ਵੀ ਗਏ। ਪਰ ਉਨ੍ਹਾਂ ਦੇ ਸਿੱਖ ਹਾਲੇ ਵੀ ਅਜਿਹੀ ਸ਼ਰਧਾ ਤੇ ਵਿਸ਼ਵਾਸ਼ ਨਾਲ ਚਿਮੜੇ ਬੈਠੇ ਹਨ ਜਿਸ ਨੂੰ ਉਨ੍ਹਾਂ ਤੋੜਿਆ ਸੀ।
ਗਿਆਨੀ ਜੀ, ਮੈਨੂੰ ਅਜ ਤੀਕਰ ਕਿਸੇ ਸ਼ਰਧਾਵਾਨ ਸਿੱਖ ਨੇ ਨਹੀਂ ਦੱਸਿਆ ਕਿ ਸੱਚੇ ਸਾਹਿਬ ਨੇ ਮੰਨੇ ਦੀਆਂ ਪਉੜੀਆਂ ਤੋਂ ਬਾਦ ਪੰਚਾਂ ਦੀਆਂ ਪਉੜੀਆਂ ਅਚਨਚੇਤ ਕਿਉਂ ਸ਼ੁਰੂ ਕਰ ਦਿੱਤੀਆਂ। ਸ਼ਾਇਦ ਉਨ੍ਹਾਂ ਨੂੰ ਇਸ ਦਾ ਪਤਾ ਨਹੀਂ ਹੈ ਕਿਉਂਕਿ ਉਹ ਚਿੰਤਨ ਦੀ ਥਾਂ ਸਿਮਰਨ ਕਰਦੇ ਰਹਿ ਗਏ। ਇਨਾਂ ਸਿੱਖਾਂ ਵਿਚ ਸਿੱਖੀ ਦੇ ਬੜੇ ਬੜੇ ਅਲੰਬਰਦਾਰ, ਧੁਰੰਦਰ ਵਿਦਵਾਨ, ਕਥਾਕਾਰ, ਪਰਚਾਰਕ, ਰਾਗੀ, ਪਾਠੀ, ਕੀਰਤਨੀਏ ਸਾਧ ਸੰਤ, ਵਕੀਲ, ਪ੍ਰੋਫੈਸਰ, ਸੰਤ, ਮਹਾਂਪੁਰਖ, ਗੁਰੂਘਰਾਂ ਦੇ ਪ੍ਰਬੰਧਕ ਆਦਿ ਸਭ ਸ਼ਾਮਲ ਹਨ। ਮੈਨੂੰ ਯਕੀਨ ਹੈ ਕਿ ਇਨ੍ਹਾਂ ਵਿਚ ਦੂਜਿਆਂ ਦੇ ਕਹੇ ਕੁਹਾਏ ਭਾਵ ਸੁਣੇ ਸੁਣਾਏ ਕਾਮਰੇਡਾਂ ਨੂੰ ਚੰਗਾ ਬੁਰਾ ਕਹਿਣ ਵਾਲੇ ਆਪ ਜੀ ਵੀ ਹੋ। ਇਸ ਲਈ ਪਹਿਲਾਂ ਤੁਸੀਂ ਵੀ ਸੁਣੋ ਕਿ ਮੰਨੇ ਦੀ ਗੱਲ ਵਰਨਣ ਕਰ ਕੇ ਗੁਰੂ ਸਾਹਿਬ ਨੇ ਅਚਨਚੇਤ ਜਿਹੇ ਪੰਚਾਂ ਦੀ ਗੱਲ ਕਿਉਂ ਸ਼ੁਰੂ ਕੀਤੀ। ਪੰਚਾਂ ਦਾ ਸੰਧਰਭ ਵਰਤ ਕੇ ਸਤਿਗੁਰ ਨੇ ਸੁਣੀਐ ਤੇ ਮੰਨੇ ਦੀਆਂ ਧਾਰਨਾਵਾਂ ਨੂੰ ਦਲੀਲ ਭਰੀ ਉਦਾਹਰਣ ਦੇ ਕੇ ਸਮਝਾਇਆ ਹੈ ਤਾਂ ਜੋ ਉਂਨ੍ਹਾਂ ਦੇ ਸਿੱਖਾਂ ਸਮਝ ਜਾਣ ਕਿਵੇਂ ਕਿਵੇਂ ਕਰਨਾ ਹੈ। ਮੰਨੇ ਦਾ ਹਵਾਲਾ ਖਤਮ ਹੁੰਦਿਆਂ ਹੀ ਉਨ੍ਹਾਂ ਨੇ ਪੰਚ-ਪੰਚ ਕਰਦੇ ਲੋਕਾਂ ਦੇ ਅੰਧ ਵਿਸ਼ਵਾਸ਼ਾਂ ਨੂੰ ਇਕ ਇਕ ਕਰ ਕੇ ਗਿਣਾਇਆ ਤੇ ਸਮੂਹਕ ਤੌਰ ਤੇ ਰੱਦ ਕੀਤਾ। ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਵੱਡੇ ਵੱਡੇ ਗਿਆਨੀ ਵਿਦਵਾਨ, ਅਖਾਉਤੀ ਬ੍ਰਹਮਗਿਆਨੀ, ਸੰਤ ਪਰਚਾਰਕ ਆਦਿ ਉਨ੍ਹਾ ਦੀ ਗੱਲ ਨਾ ਸਮਝ ਕੇ ਪੰਚਾਂ ਦੀ ਹੀ ਮਹਿਮਾ ਕਰਨ ਲਗ ਜਾਣਗੇ। ਉਨ੍ਹਾਂ ਨੂੰ ਕੀ ਇਲਮ ਸੀ ਕਿ ਉਨ੍ਹਾਂ ਦੇ ਸਿੱਖ ਵੀ ਪੰਜ ਨੂੰ ਸੁਭ ਮੰਨ ਕੇ ਹਰ ਇਕ ਗੱਲ ਨੂੰ ਪੰਜ ਦੀ ਸੀਮਾ ਵਿਚ ਬੰਨ ਦੇਣਗੇ। ਬਾਣੀਆਂ ਵੀ ਪੰਜ, ਤਖਤ ਵੀ ਪੰਜ, ਜਪੁਜੀ ਸਾਹਿਬ ਦੀਆਂ ਮੱਹਤਵਪੂਰਣ ਪਉੜੀਆਂ ਵੀ ਪਹਿਲੀਆਂ ਪੰਜ, ਚੇਲੇ ਵੀ ਪੰਜ, ਸਲਾਹਕਾਰ ਵੀ ਪੰਜ, ਪੰਚਾਇਤਾਂ ਦੇ ਪੰਚ ਵੀ ਪੰਜ, ਗੁਰੂ ਦੇ ਵਿਦਿਆਰਥੀ ਵੀ ਪੰਜ ਤੇ ਹੋਰ ਨਾ ਜਾਣੇ ਕੀ ਕੀ ਪੰਜ। ਪਰ ਗਿਆਨੀ ਜੀ ਅਜਿਹਾ ਮੰਨਣ ਵਾਲਿਆਂ ਨੇ ਅੱਗੇ ਗੁਰੂ ਸਾਹਿਬ ਦੀ ਤਾੜਨਾ ਨਹੀਂ ਪੜ੍ਹੀ। ਪੰਚਾਂ ਦੀ ਗੱਲ ਖਤਮ ਕਰਦਿਆਂ ਹੀ ਸੱਚੇ ਗੁਰੂ ਨੇ ਲਿਖਿਆ, "ਜੇ ਕੋ ਕਹੈ ਕਰੈ ਵੀਚਾਰੁ ॥ ਕਰਤੇ ਕੈ ਕਰਣੈ ਨਾਹੀ ਸੁਮਾਰੁ॥" ਭਾਵ ਜੇ ਕੋਈ ਇੱਦਾਂ (ਉਪ੍ਰੋਕਤ ਵਾਂਗ) ਕਹਿੰਦਾ ਹੈ ਭਾਵ ਪੰਜ ਪੰਜ ਕਰ ਕੇ ਅੰਧ ਵਿਸ਼ਵਾਸ਼ ਫੇਲਾਉਂਦਾ ਹੈ, ਜਾਂ ਆਪ ਇਸ ਵਿਚ ਫਸਦਾ ਹੈ, ਤਾਂ ਉਹ ਸੋਚੇ, ਭਾਵ ਚਿੰਤਨ ਕਰੇ, ਭਾਵ ਦਿਮਾਗ਼ ਵਰਤ ਕੇ ਧਿਆਨ ਲਾਵੇ ਭਾਵ ਮਨਨ ਕਰੇ, ਯਾਨੀ ਤਰਕ ਦਲੀਲ ਨਾਲ ਪੜਚੋਲ ਕਰ ਕੇ ਦੇਖੇ ਕਿ ਕਰਤੇ ਦੀ ਸੰਸਾਰ ਸਿਰਜਣਾ ਦੀ ਕੋਈ ਸੀਮਾਂ ਨਹੀਂ ਹੈ। ਇਹ ਵੀ ਨੋਟ ਕਰਨਾ ਗਿਆਨੀ ਜੀ ਗੁਰੂ ਸਾਹਿਬ ਨੇ ਕਰਤਾ ਲਿਖਿਆ ਹੈ, ਰੱਬ ਨਹੀਂ ਲਿਖਿਆ, ਕਿਉਂਕਿ ਉਨ੍ਹਾਂ ਦੀ ਕਰਤੇ ਦੀ ਧਾਰਨਾ ਧਰਮਾਂ ਵਾਲੇ ਰੱਬ ਦੀ ਧਾਰਨਾ ਨਾਲੋਂ ਵੱਖ ਸੀ ਜੋ ਹੁਣ ਵੀ ਹੈ ਤੇ ਜਿਸ ਨੂੰ ਵਿਗਿਆਨ ਵੀ ਮੰਨ ਕੇ ਚਲਦਾ ਹੈ। ਤਦੇ ਉਨ੍ਹਾਂ ਨੇ "ਰੱਬ" ਨਾਮਕ ਸਬਦ ਦਾ ਇਸ ਬਾਣੀ ਵਿਚ ਕਿਤੇ ਜਿਕਰ ਹੀ ਨਹੀਂ ਕੀਤਾ। ਜਿਨ੍ਹਾਂ ਤਿੰਨ ਥਾਵਾਂ ਤੇ ਕੀਤਾ ਜਾ ਸਕਦਾ ਸੀ ਉੱਥੇ ਵੀ ਨਹੀਂ ਕੀਤਾ। ਜੇ ਹੈ ਤਾਂ ਗਿਆਨੀ ਜੀ ਲੱਭ ਕੇ ਦਸੋ। ਗੱਲਾਂ ਹੋਰ ਵੀ ਮੈਂ ਤੁਹਾਨੂੰ ਲੱਭਣ ਲਈ ਕਹਾਂਗਾ ਤਿਆਰ ਰਹਿਣਾ। ਹਾਂ ਗੁਰੂ ਸਾਹਿਬ ਨੇ ਪੰਚਾਂ ਦੇ ਹਵਾਲੇ ਨਾਲ ਸਮਝਾਇਆ ਕਿ ਧਰਤੀ ਅੱਗੇ ਤੋਂ ਅੱਗੇ ਪਈ ਹੈ ਤੇ ਇਸ ਤੇ ਅਸੰਖ ਭਾਂਤ ਦੀਆਂ ਚੀਜ਼ਾਂ ਤੇ ਜੀਵ ਬਣੇ ਪਏ ਹਨ। ਜੇ ਤੁਹਾਡੀ ਸੂਈ ਪੰਜ ਤੇ ਹੀ ਅਟਕ ਗਈ ਤਾਂ ਉਨ੍ਹਾਂ ਅਸੰਖ ਚੀਜ਼ਾਂ ਦਾ ਉਲੇਖ ਭਾਵ ਗਿਣਤੀ ਤੇ ਅਧਿਐਨ ਕੌਣ ਕਰੇਗਾ ਜਿਨਾਂ ਨੂੰ ਤੁਸੀਂ ਗਿਣਤੀ ਵਿਚ ਵੀ ਨਹੀਂ ਲੈਂਦੇ ਜਾਂ ਲੈ ਸਕਦੇ? ਸੌੜੇ ਗਿਣਤੀ ਗਿਆਨ ਨਾਲ ਕਰਤੇ ਦੇ ਵਿਸਥਾਰ ਤੇ ਵੱਡਤਣ ਦਾ ਪਤਾ ਕਿਵੇਂ ਲਗੇਗਾ? ਜੇ ਉਸ ਦੀਆਂ ਵਡਿਆਈਆਂ ਭਾਵ ਗੁਣ ਯਾਨੀ ਪਰਾਪਰਟੀਜ਼ ਪਤਾ ਨਹੀਂ ਲਗਣਗੀਆਂ ਤਾਂ ਉਸ ਦੇ ਸੱਚੇ ਅਰਥਾਤ ਸਰਬਵਿਆਪਕ ਨਾਮ ਦਾ ਪਤਾ ਕਿਵੇਂ ਚਲੇਗਾ। ਜਿਵੇਂ ਪਾਣੀ ਦੇ ਜਲ, ਵਾਟਰ ਆਦਿ ਸੰਬੋਧਨੀ ਨਾਂ ਬਹੁਤ ਹਨ ਪਰ ਸਤਿਨਾਮ ਭਾਵ ਸੱਚਾ ਨਾਮ H2O ਹੈ ਜੋ ਇਸ ਦੇ ਸਭ ਗੁਣਾਂ ਦਾ ਵੇਰਵਾ ਦੱਸਦਾ ਹੈ। ਅੱਗੇ ਵਡੀ ਗੱਲ ਇਹ ਕਿ ਫਿਰ ੴ ਦੇ ਫਾਰਮੂਲੇ ਭਾਵ ਗੁਰ ਦੀ ਵਰਤੋਂ ਕਿਵੇਂ ਕਿਵੇਂ ਕਰੋਗੇ? ਪਰ ਅਜੋਕੇ ਸ਼ਰਧਾਵਾਨ ਗਿਆਨੀ ਗਿਆਨੀ ਪੁਰਸ਼ਾਂ ਤਾਂ ਇਸ ਨੂੰ ਗੁਰ ਦੀ ਥਾਂ ਗੁਰੂ ਸਮਝ ਕੇ ਗੁਰੂ ਸਾਹਿਬ ਦੇ ਉਸਤਾਦ ਦੀ ਖੋਜ ਕਰਨ ਲੱਗੇ ਹੋਏ ਹਨ ਜਿਹੜਾ ਉਨ੍ਹਾਂ ਨੂੰ ਅਜੇ ਤੀਕਰ ਤਾਂ ਕਿਤੇ ਲੱਭਿਆ ਨਹੀਂ ਹੈ।
ਗਿਆਨੀ ਜੀ ਆਪਾ ਪੜਚੋਲ ਕੇ ਦਸੋ ਮਨ ਵਿਚ ਮਨਨ ਕਰ ਕੇ ਦੱਸੋ ਕਿ ਵਿਸ਼ਵਾਸ਼ ਅੰਧ ਵਿਸ਼ਵਾਸ਼ ਵਿਚ ਕਰਨਾ ਹੈ ਜਾਂ ਅੰਧ ਵਿਸ਼ਵਾਸ਼ ਤੋੜਨ ਵਾਲੀ ਗੁਰੂ ਸਾਹਿਬ ਦੀ ਦੱਸੀ ਵਿਗਿਆਨਕ (ੴ ਵਾਲੀ) ਵਿਧੀ ਵਿਚ ਕਰਨਾ ਹੈ? ਵਿਸ਼ਵਾਸ਼ ਪ੍ਰਸ਼ਨ ਕਰਨ ਵਿਚ ਕਰਨਾ ਹੈ ਜਾਂ ਪੋਚੇ ਮਾਰ ਕੇ ਮਨਘੜਤ ਸਫਾਈਆਂ ਦੇ ਕੇ ਅੰਧਵਿਸਵਾਸ਼ ਫੈਲਾਉਣ ਵਿਚ ਕਰਨਾ ਹੈ? ਅਸਲ ਗੁਰਮੁਖ ਉਹ ਹਨ ਜੋ ਭਰਮ ਤੋੜ ਕੇ ਸੱਚ ਨਾਲ ਜੁੜਨ ਦਾ ਉਪਰਾਲਾ ਕਰਦੇ ਹਨ ਤੇ ਗਿਆਨ ਪੈਦਾ ਕਰਦੇ ਹਨ ਜਾਂ ਉਹ ਜੋ ਭਰਮ ਪੈਦਾ ਕਰਕੇ ਅੰਧਵਿਸਵਾਸ ਫੈਲਾਉਂਦੇ ਹਨ? ਕੀ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਇਸ ਕੰਮ ਲਈ ਨਹੀਂ ਪ੍ਰੇਰਿਆ ਕਿ ਉਹ ਅਜਿਹੇ ਗੁਰਮੁਖ ਬਣਨ ਜੋ ਮਨਮੁਖ ਹੋਣ ਭਾਵ ਆਪਣੀ ਤਰਕ-ਦਲੀਲ ਤੇ ਸੋਚ ਵਿਚਾਰ ਤੋਂ ਕੰਮ ਲੈਂਦੇ ਹੋਏ ਭਰਮ ਦੇ ਰਸਤੇ ਨਾ ਜਾਣ? ਕੀ ਜਿਨ੍ਹਾਂ ਨੂੰ ਤੁਸੀ ਆਪਣੇ ਕੋਲੋਂ ਹੀ ਮਨਮੁੱਖ" ਜਿਹਾ ਵਿਸ਼ੇਸ਼ਣ ਵਰਤ ਕੇ ਜਲੀਲ ਕਰਦੇ ਹੋ ਉਹ ਗੁਰੂ ਆਸ਼ੇ ਅਨੁਸਾਰ ਅਸਲੀ ਗੁਰਸਿੱਖ ਨਹੀਂ? ਸੋ ਸਿੱਧ ਹੁੰਦਾ ਹੈ ਜਿਨ੍ਹਾਂ ਲੋਕਾਂ ਨੂੰ ਅਜੋਕੇ ਧਰਮੀ ਜੀਊੜੇ ਮਨਮੁੱਖ ਕਹਿ ਕੇ ਦੁਰਕਾਰਦੇ ਹਨ ਤੇ ਜਿਨ੍ਹਾਂ ਨੂੰ ਆਪ ਜੀ ਨੇ ਕਾਮਰੇਡ ਕਹਿ ਕੇ ਤ੍ਰਿਸਕਾਰਿਆ ਹੈ, ਉਹੀ ਗੁਰੂ ਸਾਹਿਬ ਦੀ ਸਿੱਖਿਆ ਦੇ ਵਧੇਰੇ ਨੇੜੇ ਹਨ। ਇਸ ਲਈ ਕਾਮਰੇਡਾਂ ਸ਼ਾਮਰੇਡਾਂ ਜਿਹੀਆਂ ਬੇਕਾਰ ਅੱਲਾਂ ਤੇ ਨਾਵਾਂ ਕੁਨਾਵਾਂ ਵਿਚ ਆ ਕੇ ਸੱਚ ਦਾ ਪੱਲਾ ਫੜੋ ਗਿਆਨੀ ਜੀ? ਕੀ ਇਹ ਸੋਚ ਕੇ ਆਪ ਜੀ ਨੂੰ ਵਿਸਵਾਸ਼ ਨਹੀਂ ਜੁੜਦਾ ਕਿ ਮੱਧ ਕਾਲ ਵਿਚ ਪੈਦਾ ਹੋਣ ਵਾਲਾ ਬਾਬਾ ਨਾਨਕ ਸਚ ਤੇ ਵਿਗਿਆਨ ਦੇ ਇੰਨਾ ਨੇੜੇ ਸੀ ਕਿ ਉਸ ਦਾ ਸੱਚ ਦਾ ਹੋਕਾ ਤੇ ਸਚ ਦਾ ਵਿਗਿਆਨਕ ਗੁਰ ੴ ਅੱਜ ਤੀਕਰ ਸੰਸਾਰ ਦੀ ਰਹਿਨੁਮਾਈ ਕਰ ਰਹੇ ਹਨ?
ਕੀ ਆਪ ਜੀ ਨੂੰ ਇਹ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਗਿਆਨੀ ਜੀ ਜੇ ਉਸ ਸਚ ਨੂੰ ਪ੍ਰਣਾਏ ਮੱਧ ਕਾਲੀਨ ਬਾਬੇ ਨਾਨਕ ਦੇ ਅਜੋਕੇ ਸਿੱਖ ਇਸ ਵਿਗਿਆਨਕ ਯੁਗ ਵਿਚ ਵੀ ਉਨ੍ਹਾਂ ਗੰਗਾ ਘਾਟੀ ਪੰਡਤਾਂ ਤੋਂ ਵਧੇਰੇ ਅੰਧ ਵਿਸਵਾਸੀ ਹੋਣ ਜੋ ਉਸ ਵੇਲੇ ਗੁਰੂ ਸਾਹਿਬ ਦੀ ਦਲੀਲ ਸੁਣ ਕੇ ਹੀ ਇੰਨੇ ਕਾਇਲ ਹੋ ਗਏ ਸਨ ਕਿ ਅੰਧ ਵਿਸਵਾਸ਼ ਨੂੰ ਹਮੇਸ਼ਾ ਲਈ ਤਿਲਾਂਜਲੀ ਦੇ ਗਏ ਸਨ?